ਹਾਕੀ ਵਿਸ਼ਵ ਲੀਗ ਫਾਈਨਲਸ ਰਾਹੀਂ ਵਿਸ਼ਵ ਪੱਧਰ ‘ਤੇ ਛਾਪ ਛੱਡਣ ਉਤਰੇਗਾ ਭਾਰਤ

92
0
SHARE

ਭੁਵਨੇਸ਼ਵਰ, — ਏਸ਼ੀਆਈ ਹਾਕੀ ਦੀ ਸਿਰਮੌਰ ਭਾਰਤੀ ਟੀਮ ਅੱਜ ਇਥੇ ਸ਼ੁਰੂ ਹੋ ਰਹੇ ਵਿਸ਼ਵ ਹਾਕੀ ਲੀਗ ਫਾਈਨਲਸ ਦੇ ਤੀਜੇ ਤੇ ਆਖਰੀ ਸੈਸ਼ਨ ‘ਚ ਉਤਰੇਗੀ ਤਾਂ ਉਸਦਾ ਇਰਾਦਾ ਦੁਨੀਆ ਦੀਆਂ ਧਾਕੜ ਕੌਮਾਂਤਰੀ ਟੀਮਾਂ ਵਿਚਾਲੇ ਆਪਣੇ ਪ੍ਰਦਰਸ਼ਨ ਦੀ ਛਾਪ ਛੱਡਣ ਦਾ ਹੋਵੇਗਾ। ਭਾਰਤ ਹਾਕੀ ਵਿਸ਼ਵ ਲੀਗ ਫਾਈਨਲਸ ‘ਚ ਪੂਲ-ਬੀ ‘ਚ ਸਾਬਕਾ ਚੈਂਪੀਅਨ ਤੇ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਵਿਰੁੱਧ ਪਹਿਲਾ ਮੈਚ ਖੇਡੇਗਾ। ਕੁਝ ਕੁ ਮੈਚਾਂ ਨੂੰ ਛੱਡ ਦਿੱਤਾ ਜਾਵੇ ਤਾਂ ਉਪ ਮਹਾਦੀਪ ‘ਚ ਭਾਰਤੀ ਟੀਮ ਦਾ ਦਬਦਬਾ ਰਿਹਾ ਹੈ ਤੇ ਹਾਲ ਹੀ ‘ਚ ਢਾਕਾ ‘ਚ ਭਾਰਤ ਨੇ ਏਸ਼ੀਆ ਕੱਪ ਵਿਚ ਖਿਤਾਬੀ ਜਿੱਤ ਦਰਜ ਕੀਤੀ ਹੈ। 8 ਵਾਰ ਦੇ ਓਲੰਪਿਕ ਚੈਂਪੀਅਨ ਭਾਰਤ ਕੋਲ ਇਸ ਟੂਰਨਾਮੈਂਟ ਰਾਹੀਂ ਇਹ ਸਾਬਤ ਕਰਨ ਦਾ ਸੁਨਹਿਰੀ ਮੌਕਾ ਹੈ ਕਿ ਉਸ ‘ਚ ਏਸ਼ੀਆ ਦੇ ਬਾਹਰ ਵੀ ਆਪਣਾ ਦਬਦਬਾ ਬਰਕਰਾਰ ਰੱਖਣ ਦਾ ਦਮ ਹੈ।

ਦੁਨੀਆ ਦੀ ਦੂਜੇ ਨੰਬਰ ਦੀ ਟੀਮ ਆਸਟ੍ਰੇਲੀਆ ਵਿਰੁੱਧ ਭਾਰਤ ਨੂੰ ਪਿਛਲੇ ਕੁਝ ਸਮੇਂ ਤੋਂ ਜ਼ਿਆਦਾ ਕਾਮਯਾਬੀ ਨਹੀਂ ਮਿਲੀ ਹੈ। ਆਸਟ੍ਰੇਲੀਆ ਨੇ ਉਸ ਨੂੰ ਚੈਂਪੀਅਨਸ ਟਰਾਫੀ, ਅਜਲਾਨ ਸ਼ਾਹ ਤੇ ਰਾਸ਼ਟਰਮੰਡਲ ਖੇਡਾਂ ਵਿਚ ਹਰਾਇਆ ਹੈ। 8 ਦੇਸ਼ਾਂ ਦੇ ਇਸ ਟੂਰਨਾਮੈਂਟ ‘ਚ ਪਹਿਲੇ ਹੀ ਮੈਚ ‘ਚ ਆਸਟ੍ਰੇਲੀਆ ਦੇ ਰੂਪ ਵਿਚ ਭਾਰਤ ਨੂੰ ਸਭ ਤੋਂ ਮੁਸ਼ਕਿਲ ਚੁਣੌਤੀ ਮਿਲੀ ਹੈ। ਭਾਰਤ ਪੂਲ-ਬੀ ਵਿਚ ਹੈ, ਜਿਸ ਵਿਚ ਆਸਟ੍ਰੇਲੀਆ ਦੇ ਇਲਾਵਾ ਇੰਗਲੈਂਡ ਤੇ ਜਰਮਨੀ ਹਨ, ਜਦਕਿ ਪੂਲ-ਏ ਵਿਚ ਓਲੰਪਿਕ ਚੈਂਪੀਅਨ ਅਰਜਨਟੀਨਾ, ਨੀਦਰਲੈਂਡ, ਬੈਲਜੀਅਮ ਤੇ ਸਪੇਨ ਹਨ। ਦਿਨ ਦੇ ਦੂਜੇ ਮੈਚ ਵਿਚ ਜਰਮਨੀ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ। ਅਗਲੇ ਸਾਲ ਏਸ਼ੀਆਈ ਖੇਡਾਂ, ਰਾਸ਼ਟਰਮੰਡਲ ਖੇਡਾਂ ਤੇ ਵਿਸ਼ਵ ਪੱਧਰ ਵਰਗੇ ਕਈ ਟੂਰਨਾਮੈਂਟ ਹੋਣੇ ਹਨ, ਲਿਹਾਜ਼ਾ ਮਾਰਿਨ ਲਈ ਇਹ ਟੀਮ ਦੀ ਤਾਕਤ ਤੇ ਕਮਜ਼ੋਰੀਆਂ ਦਾ ਮੁਲਾਂਕਣ ਕਰਨ ਦਾ ਸੁਨਹਿਰੀ ਮੌਕਾ ਹੋਵੇਗਾ। ਭਾਰਤ ਨੇ 2015 ‘ਚ ਰਾਏਪੁਰ ‘ਚ ਹੋਏ ਪਿਛਲੇ ਸੈਸ਼ਨ ‘ਚ ਕਾਂਸੀ ਤਮਗਾ ਜਿੱਤਿਆ ਸੀ ਤੇ ਟੀਮ ਇਸ ਵਾਰ ਤਮਗੇ ਦਾ ਰੰਗ ਬਦਲਣਾ ਚਾਹੇਗੀ।

LEAVE A REPLY

Please enter your comment!
Please enter your name here