SHARE

ਨਵੀਂ ਦਿੱਲੀ— ਪ੍ਰੋ ਕਬੱਡੀ ਲੀਗ ਦੇ 5ਵੇਂ ਸੈਸ਼ਨ ਲਈ ਹੋਈ ਨਿਲਾਮੀ ‘ਚ ਭਾਰਤੀ ਖਿਡਾਰੀਆਂ ‘ਤੇ ਜਮ ਕੇ ਪੈਸਿਆਂ ਦਾ ਮੀਂਹ ਵਰ੍ਹਿਆ ਤੇ ਮਨਜੀਤ ਛਿੱਲਰ ਨੂੰ 75.50 ਲੱਖ, ਰਾਜੇਸ਼ ਨਰਵਾਲ ਨੂੰ 69 ਲੱਖ ਤੇ ਸੰਦੀਪ ਨਰਵਾਲ ਨੂੰ 66 ਲੱਖ ਰੁਪਏ ਦੀ ਵੱਡੀ ਕੀਮਤ ਮਿਲੀ।

ਪ੍ਰੋ ਕਬੱਡੀ ਲੀਗ ਦੇ ਜੁਲਾਈ ਤੋਂ ਸ਼ੁਰੂ ਹੋਣ ਵਾਲੇ 5ਵੇਂ ਸੈਸ਼ਨ ਲਈ ਖਿਡਾਰੀਆਂ ਦੀ ਨਿਲਾਮੀ ਵਿਚ ਭਾਰਤੀਆਂ ‘ਤੇ ਫ੍ਰੈਂਚਾਇਜ਼ੀਆਂ ਨੇ ਜਮ ਕੇ ਪੈਸਾ ਵਰ੍ਹਾਇਆ। 5ਵੇਂ ਸੈਸ਼ਨ ਲਈ ਇਸ ਵਾਰ ਟੀਮਾਂ ਨੂੰ 8 ਤੋਂ ਵਧਾ ਕੇ 12 ਕਰ ਦਿੱਤਾ ਗਿਆ ਹੈ ਤੇ 4 ਨਵੀਆਂ ਟੀਮਾਂ ਵਿਚ ਤਾਮਿਲਨਾਡੂ, ਗੁਜਰਾਤ, ਉੱਤਰ ਪ੍ਰਦੇਸ਼ ਤੇ ਹਰਿਆਣਾ ਨੂੰ ਲੀਗ ‘ਚ ਸ਼ਾਮਲ ਕੀਤਾ ਗਿਆ ਹੈ।

ਆਲਰਾਊਂਡਰ ਮਨਜੀਤ ਛਿੱਲਰ ਨੂੰ ਫਿਲਮ ਸਟਾਰ ਅਭਿਸ਼ੇਕ ਬੱਚਨ ਦੀ ਟੀਮ ਜੈਪੁਰ ਪਿੰਕ ਪੈਂਥਰਸ ਨੇ 75.50 ਲੱਖ ਰੁਪਏ ਦੀ ਕੀਮਤ ‘ਤੇ ਖਰੀਦਿਆ। ਨਿਲਾਮੀ ‘ਚ ਅਭਿਸ਼ੇਕ ਬੱਚਨ ਖੁਦ ਵੀ ਮੌਜੂਦ ਸੀ। ਮਨਜੀਤ ਦੀ ਇਸ ਕੀਮਤ ਤੋਂ ਬਾਅਦ ਆਲਰਾਊਂਡਰ ਰਾਜੇਸ਼ ਨਰਵਾਲ ਨੂੰ ਉੱਤਰ ਪ੍ਰਦੇਸ਼ ਦੀ ਟੀਮ ਨੇ 69 ਲੱਖ ਰੁਪਏ ਦੀ ਕੀਮਤ ‘ਤੇ ਖਰੀਦ ਲਿਆ। ਮਨਜੀਤ ਤੇ ਰਾਜੇਸ਼ ਤੋਂ ਪਹਿਲਾਂ ਸੰਦੀਪ ਨਰਵਾਲ ‘ਤੇ ਪੁਣੇਰੀ ਪਲਟਨ ਨੇ 66 ਲੱਖ ਰੁਪਏ ਦੀ ਕੀਮਤ ਲਾਈ ਸੀ। ਆਲਰਾਊਂਡਰ ਸੰਦੀਪ ‘ਤੇ ਦਿੱਲੀ ਤੇ ਹਰਿਆਣਾ ਵਿਚਾਲੇ ਜ਼ਬਰਦਸਤ ਦੌੜ ਲੱਗੀ ਪਰ ਪੁਣੇਰੀ ਨੇ ਉਸ ਨੂੰ 66 ਲੱਖ ਰੁਪਏ ‘ਚ ਖਰੀਦ ਲਿਆ। ਸੰਦੀਪ ਨੂੰ 66 ਲੱਖ ਮਿਲਣ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਕਿ ਉਹ 5ਵੇਂ ਸੈਸ਼ਨ ਦਾ ਸਭ ਤੋਂ ਮਹਿੰਗਾ ਖਿਡਾਰੀ ਬਣ ਜਾਵੇਗਾ ਪਰ ਮਨਜੀਤ ਤੇ ਰਾਜੇਸ਼ ਨੇ ਉਸ ਨੂੰ ਪਛਾੜ ਦਿੱਤਾ।

ਨਿਲਾਮੀ ਤੋਂ ਪਹਿਲਾਂ ਮੌਜੂਦਾ 8 ‘ਚੋਂ 7 ਫ੍ਰੈਂਚਾਇਜ਼ੀਆਂ ਨੇ ਆਪਣੀਆਂ-ਆਪਣੀਆਂ ਟੀਮਾਂ ‘ਚੋਂ 1-1 ਖਿਡਾਰੀ ਨੂੰ ਬਰਕਰਾਰ ਰੱਖਿਆ ਸੀ। ਬੰਗਾਲ ਵਾਰੀਅਰਸ ਨੇ ਆਪਣੇ ਕੋਰੀਆਈ ਖਿਡਾਰੀ ਜਾਂਗ ਕੁਨ ਲੀ, ਬੈਂਗਲੁਰੂ ਬੁੱਲਸ ਨੇ ਆਸ਼ੀਸ਼ ਕੁਮਾਰ, ਦਬੰਗ ਦਿੱਲੀ ਨੇ ਮੇਰਾਜ ਸ਼ੇਖ, ਪਟਨਾ ਪਾਇਰੇਟਸ ਨੇ ਪ੍ਰਦੀਪ ਨਰਵਾਲ, ਪੁਣੇਰੀ ਪਲਟਨ ਨੇ ਦੀਪਕ ਹੁੱਡਾ, ਤੇਲਗੂ ਟਾਈਟਨਸ ਨੇ ਰਾਹੁਲ ਚੌਧਰੀ ਤੇ ਯੂ ਮੁੰਬਾ ਨੇ ਅਨੂਪ ਕੁਮਾਰ ਨੂੰ ਰਿਟੇਨ ਕੀਤਾ ਸੀ। ਜੈਪੁਰ ਪਿੰਕ ਪੈਂਥਰਸ ਨੇ ਆਪਣੇ ਕਿਸੇ ਵੀ ਖਿਡਾਰੀ ਨੂੰ ਰਿਟੇਨ ਨਹੀਂ ਕੀਤਾ ਸੀ।

ਆਲਰਾਊਂਡਰ ਕੁਲਦੀਪ ਸਿੰਘ ‘ਤੇ ਪਟਨਾ ਤੇ ਜੈਪੁਰ ਨੇ ਦੌੜ ਲਾਈ, ਜਿਸ ਕਾਰਨ ਉਹ 50 ਲੱਖ ਪਾਰ ਕਰ ਗਿਆ ਪਰ ਯੂ ਮੁੰਬਾ ਨੇ ਕੁਲਦੀਪ ਨੂੰ 51.50 ਲੱਖ ਰੁਪਏ ‘ਚ ਖਰੀਦ ਲਿਆ। ਜੈਪੁਰ ਨਾਲ ਤਿੰਨ ਸੈਸ਼ਨ ਖੇਡਣ ਵਾਲੇ ਰਣ ਸਿੰਘ ਨੂੰ ਬੰਗਾਲ ਵਾਰੀਅਰਸ ਨੇ 47.50 ਲੱਖ ‘ਚ ਖਰੀਦਿਆ। ਏਸ਼ੀਆਈ ਖੇਡਾਂ ‘ਚ ਭਾਰਤ ਨੂੰ ਸੋਨ ਤਮਗਾ ਦਿਵਾਉਣ ਵਾਲੇ ਰਾਕੇਸ਼ ਕੁਮਾਰ ‘ਤੇ ਦਿੱਲੀ ਤੇ ਪੁਣੇ ਨੇ ਦੌੜ ਲਾਈ ਪਰ ਤੇਲਗੂ ਟਾਈਟਨਸ ਨੇ ਉਸ ਨੂੰ 45 ਲੱਖ ‘ਚ ਖਰੀਦ ਲਿਆ।

LEAVE A REPLY

Please enter your comment!
Please enter your name here